Sunday, December 8, 2024

ਮਨੁੱਖ ਅਤੇ ਜਾਨਵਰ ‌ਵਿਚ ਤਕਰਾਰ

 

ਮਨੁੱਖ ਅਤੇ ਜਾਨਵਰ ‌ਵਿਚ ਤਕਰਾਰ

( ਡਾ: ਰਿਪੁਦਮਨ ਸਿੰਘ )

85-ਐਸ, ਸੰਤ ਨਗਰ, ਪਟਿਆਲਾ 147001

ਮੋ: 9815200134

ਗਰਮੀਆਂ ਦੇ ਦਿਨ ਸਨ ਇੱਕਾ ਦੁੱਕਾ ਪਸ਼ੂ ਕੱਖ ਕੰਡਾ ਚਰ ਰਹੇ ਸਨ, ਬੰਦਾ ਆਪਣੀ ਧੁੰਨ ਵਿਚ ਮਗਨ ਤੁਰੀ ਜਾ ਰਿਹਾ ਸੀ ਅਚਾਨਕ ਰੌਲਾ ਜਿਹਾ ਪਿਆ ਰੋਕੋ ਉਏ ਇਸ ਨੂੰ, ਰੋਕੋ ਕਿਤੇ ਲੰਘ ਨਾ ਜਾਵੇ, ਬੁੱਢੜੀ ਜਿਹੀ ਅਵਾਜ ਆਈ ਘੇਰ ਲਓ ਚਾਰੇ ਬੰਨਿਓ, ਜਾਊ ਕਿਥੇ? ਉਹੋ ਗੱਲ ਹੋਈ ਉਸ ਦੇ ਚੋਗਿਰਦੇ ਪਸੂਆਂ ਦਾ ਜਮਘਟ ਲੱਗਣ ਲੱਗਾ ਆਲੇ ਦੁਆਲੇ ਬਾੜ ਜਿਹੀ ਬਣਾਂ ਲਈ, ਲੰਘਣ ਨੂੰ ਕੋਈ ਥਾਂ ਹੀ ਨਹੀ ਰਹੀ ਬੰਦੇ ਲਈ। ਇਕ ਅੱਧੀ ਵਾਰ ਕੋਸ਼ਿਸ ਕੀਤੀ ਪਸੂਆਂ ਦੇ ਤਿਖੇ ਸਿੰਗ ਬੱਖੀ ਪਾੜਣ ਨੂੰ ਆਏ, ਖੜੋਣਾਂ ਹੀ ਪੈ ਗਿਆ। ਇਕ ਵੱਡੀ ਉਮਰ ਦੀ ਗਾਂ ਉਸ ਭੀੜ ਵਿਚੋਂ ਅੱਗੇ ਆਈ ਤੇ ਬੋਲੀ ਕਾਕਾ ਅਸਾਂ ਕੁਝ ਨਹੀ ਕਹਿੰਦੇ ਤੈਨੂੰ ਫਿਕਰ ਨਾ ਕਰ, ਅਸਾਂ ਤਾਂ ਇਹੋ ਦੱਸਣਾਂ ਹੈ ਕਿ ਤੁਹਾਡੀ ਮਨੁੱਖੀ ਕੋਮ ਜਾਲਿਮ ਹੈ ਬੱਸ, ਹਰ ਗੱਲ ਵਿਚ। ਤੁਹਾਡੇ ਜੁਲਮਾਂ ਤੋਂ ਬਹੁਤ ਤੰਗ ਹਾਂ ਅਸੀਂ ਸਦੀਆਂ ਤੋਂ। ਸਦੀਆਂ ਕਾਹਦੀਆਂ, ਉਦੋ ਤੋਂ ਹੀ ਜਦੋਂ ਤੋਂ ਰੱਬ ਨੇ ਸਾਨੂੰ ਤੇ ਤੁਹਾਨੂੰ ਰਚਿਆ। ਬੰਦੇ ਨੇ ਪੁੱਛਿਆ ਮਾਤਾ, ਕਿਹੜਾ ਜੁਲਮ ਕਰ ਬੈਠਾ ਬੰਦਾ ਜਾਨਵਰਾਂ ਤੇ, ਉਹ ਕਹਿਣ ਲੱਗੀ ਕਿ ਕਾਕਾ ਇਕ ਹੋਵੇ ਤਾਂ ਕਹੀਏ ਅਸੀ ਤਾਂ ਰੋਮ ਰੋਮ ਤੋ ਤੁਹਾਡੇ ਜੁਲਮਾਂ ਦੇ ਬਿੰਨੇ ਪਏ ਆਂ। ਸਾਥੀ ਜਾਨਵਰਾਂ ਨੇ ਉਚੀ ਅਵਾਜ ਵਿਚ ਕਿਹਾ ਦੱਸੋ ਜੀ ਬੰਦੇ ਤੋਂ ਤੰਗ ਆ ਗਏ ਹਾਂ।

ਲਗਿਆ, ਗਾਂ, ਲੀਡਰ ਹੈ ਸਾਰਿਆਂ ਦੀ, ਉਸ ਨੇ ਸਭ ਜਾਨਵਰਾਂ ਨੂੰ ਸੰਬੋਧਨ ਕਰ ਕਿਹਾ ਬਈ ਹਰ ਗਰੁਪ ਵਿਚੋਂ ਇੱਕ ਇਕ ਅੱਗੇ ਆਵੇ ਤੇ ਆਪਣੀ ਗੱਲ ਕਹੇ। ਸਾਰੇ ਇਕ ਸੁਰ ਵਿਚ ਬੋਲੇ ਕਿ ਜੀ ਤੁਸੀ ਸਭ ਤੋ ਸਿਆਣੇ ਹੋ ਤੁਸੀ ਜ਼ੋ ਕਹੋਗੇ ਸੋ ਸਾਨੂੰ ਪ੍ਰਵਾਨ ਹੈ।

ਮੇਰਾ ਮੱਥਾ ਠਣਕਿਆ, ਸਾਰੇ ਪਸੂ ਇਕ ਸੁਰ ਵਿਚ ਇਕ ਨਾਲ ਸਹਿਮਤ ਹੋ ਗਏ, ਅਸੀਂ ਬੰਦੇ ਤਾਂ ਇਕ ਨਸਲੀ ਹਾਂ ਪਰ ਆਪਣੀ ਆਪਣੀ ਚਲਾਈ ਜਾਂਦੇ ਹਾਂ ਤੇ ਕਿਸੇ ਸਿਰੇ ਨਹੀਂ ਲੱਗਣ ਦਿੰਦੇ ਕਿਸੇ ਗੱਲ ਨੂੰ ਤੇ ਨਾ ਸਾਂਝੀ ਸਰਕਾਰ ਚੱਲਣ ਦਿੱਤੀ ਕਦੇ ਬੰਦਿਆਂ ਨੇ।

ਗਊ ਬੋਲੀ ਕਾਕਾ ਸੁਣ ਹੁਣ ਸਾਡੀ-- ਪਹਿਲਾਂ ਤਾਂ ਇਹ ਗੱਲ ਹੈ ਕਿ ਬੰਦਿਆਂ ਨੇ ਸਾਨੂੰ ਆਪਣੇ ਖੂੰਟੇ ਬਣ ਲਿਤਾ ਹੈ ਆਪ ਤਾਂ ਬੰਦਾ ਅਜਾਦੀ ਲਈ ਲੜਾਈ ਲੜਦਾ ਹੈ, ਸਾਨੂੰ ਕੀ ਲੋੜ ਨਹੀਂ ਆਪਣੀ ਅਜਾਦੀ ਦੀ, ਹੈਂ, ਦਸ ਖਾਂ, ਇਹ ਜੁਲਮ ਘੱਟ ਹੈ ਸਾਡੇ ਤੇ। ਹੁਣ ਕੋਈ ਸਾਨੂੰ ਚਾਰਨ ਵੀ ਨਹੀਂ ਲੈ ਜਾਂਦਾ, ਤੁਰਨ ਫਿਰਨ ਵੀ ਨਹੀਂ ਦਿੰਦੇ ਅੱਜ ਕੱਲ ਸਾਨੂੰ ਇਕ ਸੈਡ ਹੇਠ ਹੀ ਉਮਰ ਕੱਟਨੀ ਪੈਦੀ ਹੈ। ਆਪ ਤਾਂ ਤੁਸੀਂ ਜੱਦ ਜੀ ਕਰਦਾ ਹੈ ਮੈਕਡਾਨਲ ਤੇ ਡਾਮੀਨੋਜ ਬਰਗਰ ਤੇ ਪੀਜ਼ਾ ਖਾਣ ਤੁਰ ਜਾਂਦੇ ਹੋ। ਅੱਕ ਗਏ ਹਾਂ ਅਸੀਂ ਕਾਕਾ ਸੁੱਕੀ ਤੂੜੀ ਤੇ ਬਰਸ਼ੀਨ ਖਾ ਖਾ ਕੇ। ਪੱਕੇ ਫਰਸ਼ ਤੇ ਉਠਦੇ ਬੈਹਿੰਦਿਆਂ ਗੋਡੇ ਮੋਡੇ ਰਗੜੇ ਜਾਂਦੇ ਨੇ। ਤੁਹਾਡੇ ਕੰਮ ਦੇ ਨਾ ਰਹੇ ਅੱਗੇ ਧੱਕ ਦਿੰਦੇ ਹੋ, ਵੇਚ ਦਿੰਦੇ ਹੋ ਸਾਨੂੰ, ਕਈ ਮੁਲਕਾਂ ਵਿਚ ਤਾਂ ਵੱਢ ਟੁੱਕ ਕੇ ਖਾ ਵੀ ਜਾਦੇ ਹੋ, ਜੁਲਮ ਸਾਂਈ ਦਾ। ਕਾਕਾ ਦਸ ਖਾਂ ਅਸੀਂ ਕਦੇ ਖਾਧਾ ਹੈ ਬੰਦੇ ਨੂੰ।

ਕਾਕਾ ਤੁਸੀ ਤਾਂ ਭਰੂਣ ਹੱਤਿਆ ਦੀ ਦੁਹਾਈ ਦੇ ਦੇ ਕੇ ਜੱਗ ਕਮਲਾ ਕੀਤਾ ਹੋਇਆ ਹੈ। ਤੁਸੀ ਤਾਂ ਮੁੰਡੇ ਖਾਤਰ ਕੁੜੀਆਂ ਮਾਰੀ ਜਾਂਦੇ ਹੋ। ਜਿੰਨਾਂ ਬੰਦਿਆਂ ਦੇ ਤਿੰਨ ਚਾਰ ਲੜਕੀਆਂ ਹੋ ਜਾਂਦੀਆਂ ਹਨ ਉਪਰ ਥਲੀਂ ਰੱਬ ਦੀ ਦੇਣ ਨਹੀਂ ਸਗੋ ਮੁੰਡੇ ਦੀ ਲਾਲਸਾ ਵਿਚ ਜੰਮੀ ਜਾਦੇ ਹੋ ਤੁਸੀ ਤਾਂ। ਪਰ ਸਾਡੇ ਵੱਲ ਵੀ ਕਦੇ ਤੱਕਿਆ ਹੈ, ਬੰਦਾ ਤਾਂ ਸਾਡੇ ਮੁੰਡੇ ਹੀ ਮਾਰ ਦਿੰਦਾ ਹੈ ਇਕ ਮਾਦਾ ਦੇ ਜਨਮ ਲਈ। ਬੰਦੇ ਦੇ ਆਪਣੇ ਮੁੰਡਾ ਹੁੰਦਾ ਹੈ ਤਾਂ ਲੱਡੂ ਵੰਡਦਾ ਫਿਰਦਾ ਹੈ ਪਰ ਸਾਡੇ ਮਾਦਾ ਪੈਦਾ ਹੋਣ ਤੇ। ਕਾਹਦੀ ਨੰਨੀ ਛਾਂ ਹੈ ਬੰਦਿਆ ਤੁਹਾਡੀ, ਰੱਬ ਜਦੋਂ ਤੁਹਾਨੂੰ ਕੁੜੀ ਦਿੰਦਾ ਹੈ ਤਾਂ ਘੜੇ ਪਾਣੀ ਪੈ ਜਾਂਦਾ ਹੈ ਤੁਹਾਡੇ ਸਿਰ, ਮਾਤਮ ਛਾ ਜਾਂਦਾ ਹੈ, ਤੁਹਾਡੇ ਸਮਾਜ ਵਿਚ। ਕਿਥੋਂ ਹੋਣਗੇ ਤੁਹਾਡੇ ਮੁੰਡੇ, ਸਾਡੀ ਦੁਰਅਸੀਸ਼ਾਂ ਨਹੀਂ ਲੱਗਣਗੀਆਂ ਤੁਹਾਨੂੰ, ਬੰਦਾ ਨਿਓਤਰਾਂ ਹੀ ਚੰਗਾ।

ਕਾਕਾ ਬੰਦਿਆਂ ਨੇ ਤਾਂ ਸਾਡੇ ਲਈ ਥਾਂ ਹੀ ਨਹੀ ਰੱਖੀ ਕਿਤੇ, ਇਹੋ ਛੋਟਾ ਜਿਹਾ ਬੀੜ ਹੀ ਬਚਿਆ ਹੈ, ਰੱਬ ਮੇਹਰਬਾਨ ਹੋ ਜਾਵੇ ਤਾਂ ਮੀਂਹ ਕਣੀ ਨਾਲ ਹਰਾਭਰਾ ਹੋ ਜਾਦਾ ਹੈ ਖਾਣ ਨੂੰ ਕੁਝ ਮਿਲ ਜਾਂਦਾ ਹੈ ਨਹੀ ਤਾਂ ਸੁਕੇ ਤਿਨਕੇ ਖਾ ਗੁਜਾਰਾ ਕਰਦੇ ਹਾਂ, ਸਾਡੇ ਕੇਹੜੇ ਖੂਹ ਵਗਦੇ ਨੇ ਭਾਈ। ਸਾਡੇ ਪਸੂਆਂ ਲਈ ਤਾਂ ਕਿਸੇ ਨੇ ਕੋਈ ਖੂਹ ਵੀ ਨਹੀ ਲਗਾਇਆ ਅਸੀਂ ਤਾਂ ਛੱਪੜ ਦਾ ਹੀ ਪਾਣੀ ਪੀਂਦੇ ਹਾਂ।  ਵੇਖੀਂ ਕਾਕਾ ਅਸੀਂ ਤਾਂ ਕਦੇ ਬੀਮਾਰ ਨਹੀ ਪਏ। ਛੱਪੜ ਵੀ ਤੁਸੀ ਗੰਦੇ ਕਰ ਦਿਤੇ ਨੇ ਆਪਣੀਆਂ ਦਵਾਈ ਦੀਆਂ ਪੀਪੀਆਂ ਧੋ ਧੋ ਕੇ, ਮਾਰ ਕੇ ਰੱਖ ਦਿੱਤੀਆਂ ਨੇ ਛੱਪੜਾਂ ਦੇ ਡੱਡੂ ਤੇ ਮੱਛੀਆਂ।

ਤੁਸੀ ਤਾਂ ਕਾਕਾ ਸਾਨੂੰ ਵੀ ਨਹੀਂ ਛੱਡਿਆ ਖਾਣ ਤੋਂ, ਹਰ ਰੂਪ ਵਿਚ ਛਕਿਆ ਹੈ ਸਾਨੂੰ, ਸੱਪ ਸਲੂਡੇ ਵੀ ਨਹੀ ਬਖਸ਼ੇ, ਤੁਸੀਂ ਤਾਂ ਇਤਨੇ ਜ਼ਹਿਰੀ ਹੋ ਕਿ ਜਾਨਵਰਾਂ ਦੀ ਜ਼ਹਿਰ ਵੀ ਹਜ਼ਮ ਕਰ ਗਏ। ਸਾਤੋਂ ਜਾਂ ਸਾਡੇ ਬੱਚਿਆਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਟੰਬੇ ਮਾਰ ਮਾਰ ਸਾਡੀ ਖੱਲ ਉਧੇਡ ਦਿੰਦੇ ਹੋ, ਗੰਦੀਆਂ ਗੰਦੀਆਂ ਗਾਲ੍ਹਾਂ ਦਿੰਦੇ ਹੋ, ਕੋਈ ਸ਼ਰਮ ਨਹੀਂ ਕੋਈ ਦਯਾ ਨਹੀ ਮਨੁੱਖ ਵਿਚ। ਅਸੀਂ ਜਾਨਵਰਾਂ ਨੇ ਕਦੇ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਿਹਾ ਹੈ ਕੁਝ, ਜੇ ਕਦੇ ਕੁਝ ਕਿਹਾ ਵੀ ਹੈ ਤਾਂ ਸਿਰਫ ਉਦੋਂ, ਜਦੋਂ ਸਾਨੂੰ ਬਹੁਤ ਤੰਗ  ਕੀਤਾ। ਆਪਣਾਂ ਬਚਾਵ ਤਾਂ ਸਾਰਿਆਂ ਕਰਨਾ ਹੀ ਹੋਇਆ ਨਾ ਕਾਕਾ।

ਮੈ ਕਿਹਾ ਤੁਸੀ ਠੀਕ ਕਹਿੰਦੇ ਹੋ ਜੀ।

ਪ੍ਰਮਾਤਮਾਂ ਨੇ ਹਰ ਜੀਵ ਨੂੰ ਆਪਣੀ ਵੰਸ਼ ਚਲਦਾ ਰੱਖਣ ਲਈ ਬੱਚਿਆਂ ਦਾ ਜਨਮ ਦਿੱਤਾ ਹੈ ਅਤੇ ਬੱਚੇ ਨੂੰ ਜਿਊਂਦਾ ਰੱਖਣ ਤੇ ਪਾਲਣ ਲਈ ਜੀਵਾਂ ਦੀ ਲੋੜ ਮੁਤਾਬਿਕ ਖਾਣਾਂ ਦਿੱਤਾ ਹੈ। ਦੁਧਾਧਾਰੀ ਪਸੂਆਂ ਨੂੰ ਦੁੱਧ ਦੀ ਦਾਤ ਦਿੱਤੀ ਹੈ ਬੱਚੇ ਦੀ ਪਰਿਵਸ਼ਤ ਕਰਨ ਲਈ। ਧਿਆਨ ਦੇਈਂ ਬਈ ਬੰਦਿਆ, ਰੱਬ ਨੇ ਸਾਨੂੰ ਦੁੱਧ ਸਾਡੇ ਕਟਰੁੱਆਂ ਲਈ ਦਿੱਤਾ ਹੈ। ਬੰਦਾ ਸਾਡੇ ਬੱਚਿਆਂ ਨੂੰ ਤਾਂ ਪੀਣ ਨਹੀਂ ਦਿੰਦਾ ਦੁੱਧ, ਸਗੋ ਆਪ ਪੀ ਜਾਂਦਾ ਹੈ, ਕਿੱਡਾ ਜੁਲਮ ਹੈ ਸਾਂਈ ਦਾ, ਕਦੇ ਸੋਚਿਆ ਵੀ ਐ ਤੁਸੀ ਬੰਦਿਆਂ ਨੇ, ਸਾਡੇ ਬੱਚਿਆਂ ਨੂੰ ਭੁੱਖੇ ਮਾਰ ਆਪਣਾਂ ਢਿੱਡ ਭਰੀ ਜਾਂਦੇ ਹੋ, ਸ਼ਰਮ ਕਰੋ ਬੰਦਿਓ, ਕਦੇ ਤਾਂ ਸ਼ਰਮ ਕਰੋ....। ਸਾਡਾ ਦੁੱਧ ਸਾਡੇ ਬੱਚਿਆਂ ਦੀ ਮਲਕੀਅਤ ਹੈ ਮਨੁੱਖ ਦੀ ਕਦੇ ਵੀ ਨਹੀ..

ਬੋਲੋ ਬਈ ਤੁਸੀਂ ਸਾਰੇ ਕੀ ਕਹਿੰਦੇ ਹੋ, ਮੈ ਜ਼ੋ ਕਹਿੰਣਾ ਸੀ ਕਹਿ ਦਿੱਤਾ। ਵੱਖ ਵੱਖ ਨਸਲਾਂ ਵਰਗਾਂ ਦੇ ਜਾਨਵਰ ਇਕੋ ਸੁਰ ਵਿਚ ਬੋਲੇ ਮਾਤਾ ਤੁਸੀਂ ਬਿਲਕੁਲ ਠੀਕ ਕਿਹਾ ਹੈ। ਤੁਹਾਡੇ ਨਾਲ ਤਾਂ ਹੱਡ ਬੀਤੀ ਹੈ ਤੁਹਾਤੋਂ ਚੰਗਾ ਹੋਰ ਕੌਣ ਜਾਣਦਾ ਹੈ ਸਗੋ ਸਾਡੀ ਹਰ ਮਾਦਾ ਨਾਲ, ਬੱਚਿਆਂ ਨਾਲ, ਮਨੁੱਖ ਸਦਾ ਤੋਂ ਹੀ ਖੋਹ ਖੁਹਾਈ ਕਰਦਾ ਆ ਰਿਹਾ ਹੈ।

ਏਨੇ ਵਿਚ ਇਕ ਮੱਝ ਅੱਗੇ ਆਈ ਤੇ ਕਹਿਣ ਲੱਗੀ, ਬੇਬੇ ਉਹ ਵੀ ਇਸ ਬੰਦੇ ਨੂੰ ਦੱਸ ਕਿ ਇਨਾਂ ਨੇ ਰਲ ਕੇ ਸਾਡੀਆਂ ਨਸਲਾਂ ਹੀ ਖਰਾਬ ਕਰ ਦਿਤੀਆਂ ਹਨ। ਟੀਕਾ ਲਾ ਲਾ ਕੇ ਜਬਰਦਤੀ ਸਾਡਾ ਦੁੱਧ ਚੋਈ ਜਾਂਦੇ ਹਨ। ਉਹ ਕੀ ਕਹਿੰਦੇ ਨੇ ਜਨੈਟਿਕ ਵਿਚ ਹੇਰਫੇਰ ਕਰ ਕੇ ਬਹੁਤਾ ਦੁੱਧ ਕੱਢੀ ਜਾਂਦੇ ਹਨ ਕਿਸੇ ਤੋਂ ਬੀਹ ਸੇਰ, ਕਿਸੇ ਤੋ 50 ਸੇਰ ਦੁੱਧ ਲੈਦਾ ਹੈ ਬੰਦਾ। ਮਨੁੱਖ ਆਪ ਤਾਂ ਆਪਣੀ ਮਾਦਾ ਤੋ ਸੌ ਗ੍ਰਾਮ ਦੁੱਧ ਤੋਂ ਇਕ ਸੌ ਇਕ ਗ੍ਰਾਮ ਤਾਂ ਕਰ ਨੀ ਸਕਿਆਂ, ਲਾਵੇ ਖਾਂ ਟੀਕਾ ਆਪਣੀਆਂ ਤੀਵੀਆਂ ਦੇ ਵਧਾਵੇ ਤਾਂ ਦੁੱਧ... ਵੱਡਾ ਬਣਦਾ ਫਿਰਦਾ ਹੈ....। ਬਹੁਤ ਗੁਸੇ ਵਿਚ ਬੋਲ ਰਹੀ ਸੀ ਆਪਣੀ ਵਾਰੀ ਤਾਂ ਬੰਦਾ ਕੁਦਰਤ ਦੀ ਦੋਹਾਈ ਦੇਣ ਲਗ ਪੈਦਾ ਹੈ।

ਨਾਲੇ ਬੇਬੇ ਇਹ ਵੀ ਦੱਸ ਬੰਦੇ ਨੂੰ ਕਿ ਜੇ ਇਸ ਦੇ ਬੱਚੇ ਦੀ ਮਾਂ ਸੰਸਾਰ ਛੱਡ ਜਾਂਦੀ ਹੈ ਉਦੋ ਤਾਂ ਲੱਭਦਾ ਫਿਰਦਾ ਹੈ ਗਾਂ ਦਾ ਦੁੱਧ ਕਹਿੰਦਾ ਹੈ ਬਈ ਗਾਂ ਦਾ ਦੁੱਧ ਮਾਂ ਦੇ ਦੁੱਧ ਤੁਲ ਹੈ.. ਕੱਦੇ ਬੰਦਿਆਂ ਨੇ ਸਾਡੇ ਬੱਚਿਆਂ ਨੂੰ ਆਪਣਾਂ ਦੁੱਧ ਚੁੰਘਾਇਆ ਹੈ ਜਦ ਸਾਡੇ ਬੱਚਿਆਂ ਦੀ ਮਾਂਵਾਂ ਪੂਰੀਆਂ ਹੋ ਜਾਂਦੀਆਂ ਨੇ, ਪੁੱਛ ਖਾਂ ਏਸ ਨੂੰ।

ਭੱਜਿਆ ਭੱਜਿਆ ਇਕ ਬੱਕਰਾ ਅੱਗੇ ਆਇਆ ਕਹਿਣ ਲੱਗਾ ਮਾਂ ਏਸ ਬੰਦੇ ਦੇ ਪੁੱਤ ਨੂੰ ਪੁੱਛ ਕਿ ਬੰਦੇ ਸਾਨੂੰ ਕਿਉ ਵੱਢ ਟੁੱਕ ਕੇ ਖਾਂਦੇ ਹਨ ਜਦ ਕਿ ਰੱਬ ਨੇ ਇਨਾਂ ਮੁਤਾਬਿਕ ਖਾਂਣ ਲਈ ਕਿਤਨੀਆਂ ਵਸਤਾਂ ਦਿਤੀਆਂ ਹਨ। ਪੁੱਛ ਤਾਂ ਸਹੀ ਮਾਂ ਕਦੇ ਅਸੀਂ ਪਸੂਆਂ ਨੇ ਬੰਦਿਆਂ ਨੂੰ ਖਾਦਾ ਹੈ ਦੱਸੇ ਤਾਂ ਸਹੀ ਇਹ ਬੰਦਾ, ਕਦੇ ਖਾਦਾ ਹੈ ਅਸੀਂ ਬੰਦਿਆਂ ਨੂੰ...। ਸਾਨੂੰ ਬੱਕਰੀਆਂ ਨੂੰ, ਮੁਰਗਿਆਂ ਨੂੰ, ਮੁਰਗੀਆਂ ਦੇ ਆਂਡੇ ਐਓ ਛੱਕਦੇ ਹਨ ਜਿਵੇਂ ਸ਼ਕਰਪਾਰੇ ਹੋਣ ਕਹਿੰਦੇ ਹਨ ਖਾ ਕੇ ਠੰਡ ਨਹੀ ਲੱਗਦੀ, ਸਾਡਾ ਤਾਂ ਵੰਸ਼ ਹੀ ਮੁਕਾ ਦਿੰਦੇ ਹਨ ਇਹ ਮਨੁੱਖ ਕੌਮ ਨੇ, ਉੰਜ ਬਣੀ ਫਿਰਦਾ ਹੈ ਅਹਿੰਸਾ ਦਾ ਪੁਜਾਰੀ, ਰੱਬ ਵੀ ਇਹਨਾਂ ਨੂੰ ਸਜਾ ਨਹੀ ਦਿੰਦਾ।

ਗਾਂ ਨੇ ਇਹ ਸਾਰਾ ਕੁਝ ਸੁਣ ਮੈਂਨੂੰ ਮੁਖਾਤਿਬ ਹੋ ਕਹਿਣ ਲੱਗੀ ਕਾਕਾ ਘਬਰਾ ਨਾ ਅਸੀ ਤੈਨੂੰ ਕੋਈ ਨੁਕਸਾਨ ਨਹੀਂ ਦੇਣਾ ਅਸੀਂ ਤਾਂ ਸਾਰੇ ਆਪਣੀਆਂ ਗੱਲਾਂ ਨੂੰ ਤੇਰੇ ਰਾਹੀਂ ਮਨੁੱਖ ਸਮਾਜ ਨੂੰ ਅਤੇ ਰੱਬ ਤੱਕ ਸੁਨੇਹਾ ਦੇਣਾਂ ਹੈ ਕਿ ਕੁਝ ਤਾਂ ਚੰਗਾ ਕਰੋ, ਸਾਡੇ ਵਾਰੇ ਵੀ ਚੰਗਾ ਸੋਚੋ... ਵੇਖ ਕਾਕਾ ਸਾਡੀ ਕਥਾ ਤਾਂ ਸੁਣ ਹੀ ਲਈ ਹੈ ਤੈਂ ਜਾਹ ਆਪਣੇ ਸਮਾਜ ਨੂੰ ਜੇਹੜਾ ਆਪਣੇ ਆਪ ਨੂੰ ਮਹਾਨ ਹੋਣ ਦਾ ਦਾਵਾ ਕਰਦਾ ਹੈ, ਧਰਮ ਦੇ ਵੱਡੇ ਵੱਡੇ ਗ੍ਰੰਥ ਲਿਖੀ ਬੈਠਾ ਹੈ, ਦੁਨੀਆਂ ਨੂੰ ਰੱਬ ਬਾਰੇ ਦੱਸਦਾ ਫਿਰਦਾ ਹੈ ਜਿਵੇ ਆਪ ਹੀ ਰੱਬ ਹੋਵੇ ਇਨਸਾਨਾਂ ਦਾ, ਸਾਡਾ ਤਾਂ ਹੈ ਹੀ ਨਹੀ ਕੋਈ, ਨਾ ਰੱਬ, ਨਾ ਬੰਦਾ.....

ਮੈਂ ਸੋਚੀ ਪੈ ਗਿਆ ਕਿ ਬਹੁਤ ਹੱਦ ਤੱਕ ਤਾਂ ਕੀ ਸਮੁਚਾ ਹੀ ਸੱਚ ਕਿਹਾ ਹੈ ਜਾਨਵਰਾਂ ਨੇ। ਇਨਸਾਨ ਆਪਣੇ ਆਪ ਨੂੰ ਮਹਾਨ ਕਹਾਵਣ ਵਾਲਾ ਕਿਤਨਾ ਹੋਛਾ ਹੈ ਇਹ ਤਾਂ ਜਾਨਵਰਾਂ ਦਾ ਪਖ ਸੁਣ ਕੇ ਲੱਗਿਆ ਹੈ ਸੱਚ ਹੈ ਅਸੀਂ ਬਹੁਤ ਸਿਤਮਗਰ ਹਾਂ, ਜੁਲਮੀ ਹਾਂ, ਆਪਣੇ ਸੁਖ ਖਾਤਿਰ ਕਿਤਨੇ ਗੁਨਾਹ ਕਰ ਦਿੰਦੇ ਹਾਂ ਸਾਨੂੰ ਪਤਾ ਹੁੰਦੇ ਹੋਏ ਵੀ ਭੋਲੇ ਬਣੀ ਰਹਿੰਦੇ ਹਾਂ। ਪ੍ਰਮਾਤਮਾਂ ਨੂੰ ਉਲਾਹਣਾਂ ਵੀ ਹੈ ਕਿ ਕ੍ਰਿਸ਼ਨ ਮਹਾਂਰਾਜ ਦੀ ਬੰਸੁਰੀ ਦੀ ਤਾਨ ਸੁਣਣ ਲਈ ਗੋਪੀਆਂ ਹੀ ਨਹੀਂ ਸਗੋ ਸਮਸਤ ਗਾਵਾਂ ਵੀ ਮ੍ਰੰਤ ਮੁਗਧ ਹੋ, ਸਭ ਕੁਝ ਭੁੱਲ ਬੈਠਦੀਆਂ ਸਨ, ਅੱਜ ਵੀ ਆਵੇ ਭਗਵਾਨ ਤੇ ਆਪਣੇ ਜੀਵਾਂ ਦੀ ਰੱਖਿਆ ਤੇ ਉਧਾਰ ਕਰੇ। ਮਨੁੱਖ ਹੁਣ ਦੁਧਾਰੂ ਜੀਵਾਂ ਦੇ ਦੁੱਧ ਤੇ ਨਿਰਭਰ ਹੋ ਹੀ ਚੁਕਾ ਹੈ ਤਾਂ ਦੁੱਧਾਰੂ ਜੀਵਾਂ ਨੂੰ ਵੀ ਗੁਜਾਰਿਸ਼ ਹੈ ਕਿ ਜਿਵੇ ਚਲ ਰਿਹਾ ਹੈ ਚਲਦਾ ਰੱਖਣ, ਹਾਂ ਮਨੁੱਖ ਉਨ੍ਹਾਂ ਤੇ ਜੁਲਮ ਬੰਦ ਕਰੇ, ਉਨਾਂ ਨੂੰ ਆਪਣੇ ਚੰਗੇ ਦੋਸਤ ਤੇ ਪਰਿਵਾਰ ਦੇ ਮੈਬਰ ਸਮਝ ਦੇਖਭਾਲ ਕਰੇ ਵਰਨਾ ਜਾਨਵਰ ਆਪਣੀ ਆਈ ਤੇ ਆ ਗਏ ਤਾਂ ਮਨੁੱਖ ਨੂੰ ਆਪਣੇ ਬਣਾਏ ਰਸਾਇਣਕ ਦੁੱਧ ਹੀ ਪੀਣਾਂ ਪਵੇਗਾ ਦੇਖ ਲਵੇ ਸਭ ਬੰਦੇ ਦੇ ਹੱਥ ਹੈ ਹੁਣ........